ਜ਼ਿਲ੍ਹਾ ਪੁਲਿਸ ਮੁਖੀ ਨੇ ਸੁਚੱਜੀ ਕਾਰਗੁਜ਼ਾਰੀ ਨਾਲ ਮਾਨਸਾ ਵਾਸੀਆਂ ਦਾ ਮਨ ਮੋਹਿਆ, ਨਿੱਜੀ ਰੁਚੀ ਲੈ ਕੇ ਨਿਭਾਅ ਰਹੇ ਹਨ ਸੇਵਾਵਾਂ
ਭੈੜੇ ਅਣਸਰਾਂ ਨਾਲ ਸਖਤੀ ਤੇ ਚੰਗੇ ਨਾਗਰਿਕਾਂ ਨਾਲ ਦੋਸਤਾਨਾ ਦੇ ਸੁਮੇਲ ਰਾਹੀਂ ਜ਼ਿਲ੍ਹਾ ਪੁਲਿਸ ਦੀ ਅਗਵਾਈ ਕਰ ਰਹੇ ਲਾਂਬਾ ਦੀਆਂ ਸੁਚੱਜੀਆਂ ਸੇਵਾਵਾਂ ਤੋਂ ਜ਼ਿਲ੍ਹੇ ਦਾ ਹਰ ਵਰਗ ਪੂਰੀ ਤਰ੍ਹਾਂ ਸੰਤੁਸ਼ਟ ਹੈ। ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਵੀ ਐੱਸਐੱਸਪੀ ਮਾਨਸਾ ਵੱਲੋਂ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਦੀ ਪੁਲਿਸ ਪਿਛਲੇ ਕੁਝ ਸਮੇਂ 'ਚ ਵੱਡੀ ਮਾਤਰਾ ਵਿੱਚ ਨਸ਼ੇ ਫੜਨ, ਅਣਸੁਲਝੇ ਮਾਮਲੇ ਸੁਲਝਾਉਣ ਅਤੇ ਆਮ ਲੋਕਾਂ ਨੂੰ ਢੁੱਕਵੀਆਂ ਸੇਵਾਵਾਂ ਦੇਣ 'ਚ ਸਫਲਤਾ ਦੀਆਂ ਬੁਲੰਦੀਆਂ 'ਤੇ ਹੈ।
ਸਾਲ 2013 ਬੈਚ ਦੇ ਆਈਪੀਐੱਸ ਸੁਰੇਂਦਰ ਲਾਂਬਾ ਪੰਜਾਬ ਦੇ ਮਿਹਨਤੀ, ਇਮਾਨਦਾਰ ਅਤੇ ਕਾਬਲ ਪੁਲਿਸ ਅਧਿਕਾਰੀਆਂ ਦੀ ਮੁਹਰਲੀ ਕਤਾਰ ਦੇ ਅਧਿਕਾਰੀ ਹਨ। ਹੁਣ ਤਕ ਏਸੀਪੀ ਅੰਮਿ੍ਤਸਰ ਅਤੇ ਗੁਰਦਾਸਪੁਰ, ਏਡੀਸੀਪੀ ਅਤੇ ਏਆਈਜੀ ਲੁਧਿਆਣਾ ਤੋਂ ਇਲਾਵਾ ਐੱਸਪੀ ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾਅ ਚੁੱਕੇ ਲਾਂਬਾ ਨੇ 31 ਜੁਲਾਈ 2020 ਨੂੰ ਮਾਨਸਾ ਜ਼ਿਲ੍ਹੇ ਦੇ ਐੱਸਐੱਸਪੀ ਦਾ ਕਾਰਜਭਾਰ ਸੰਭਾਲਿਆ ਸੀ।
ਉਨ੍ਹਾਂ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਵੱਲੋਂ ਪਹਿਲੀ ਅਗਸਤ 2020 ਤੋਂ 30 ਅਪ੍ਰੈਲ 2021 ਤੱਕ ਦੇ ਸਿਰਫ 9 ਮਹੀਨਿਆਂ 'ਚ ਵੱਖ-ਵੱਖ ਥਾਣਿਆਂ ਵਿੱਚ 900 ਮੁਕੱਦਮੇ ਦਰਜ ਕਰਦਿਆਂ 1043 ਵਿਅਕਤੀਆਂ ਨੂੰ ਗਿ੍ਫਤਾਰ ਕਰ ਕੇ ਉਨ੍ਹਾਂ ਪਾਸੋਂ 123 ਗ੍ਰਾਮ ਹੈਰੋਇਨ, 8 ਕਿਲੋ 196 ਗ੍ਰਾਮ ਅਫੀਮ, 450 ਕਿਲੋਗ੍ਰਾਮ ਭੁੱਕੀ, 2 ਲੱਖ 7 ਹਜ਼ਾਰ 6 ਨਸ਼ੀਲੀਆਂ ਗੋਲੀਆਂ, 7 ਕਿਲੋ 465 ਗ੍ਰਾਮ ਗਾਂਜਾ, 65 ਗ੍ਰਾਮ ਸਮੈਕ, 211 ਲੀਟਰ ਨਸ਼ੀਲਾ ਤਰਲ, 55 ਗ੍ਰਾਮ ਸੁਲਫਾ, 48 ਚਾਲੂ ਭੱਠੀਆਂ, 29674 ਲੀਟਰ ਲਾਹਣ, 1672.275 ਲੀਟਰ ਨਜਾਇਜ਼ ਸਰਾਬ, 12107.750 ਲੀਟਰ ਸ਼ਰਾਬ ਠੇਕਾ, 246.675 ਲੀਟਰ ਅੰਗਰੇਜ਼ੀ ਸ਼ਰਾਬ ਅਤੇ 500 ਗ੍ਰਾਮ ਭੰਗ ਬਰਾਮਦ ਕੀਤੀ। ਉਪਰੋਕਤ ਸਮੇਂ ਦੌਰਾਨ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 1250 ਨਸ਼ੀਲੀਆਂ ਗੋਲੀਆਂ, 100 ਗ੍ਰਾਮ ਅਫੀਮ ਅਤੇ 1 ਲੱਖ 4 ਹਜ਼ਾਰ 300 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।
ਮਾੜੇ ਅਨਸਰਾਂ ਖਿਲਾਫ ਸ਼ਿਕੰਜਾ ਕਸਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਉਪਰੋਕਤ ਸਮੇਂ ਦੌਰਾਨ 15 ਮੁਕੱਦਮੇ ਦਰਜ ਕਰ ਕੇ 46 ਵਿਅਕਤੀਆਂ ਨੂੰ ਗਿ੍ਫਤਾਰ ਕਰਦਿਆਂ 20 ਪਿਸਤੌਲ ਅਤੇ 97 ਕਾਰਤੂਸ ਫੜ੍ਹੇ ਗਏ। ਇਸੇ ਤਰ੍ਹਾਂ ਪੁਲਿਸ ਵੱਲੋਂ ਟਰੱਕਾਂ ਦੀਆਂ ਚੈਸੀਆਂ ਟੈਂਪਰ ਕਰ ਕੇ ਫਰਜ਼ੀ ਦਸਤਾਵੇਜ਼ਾਂ ਨਾਲ ਨਵੀਆਂ ਆਰਸੀ ਤਿਆਰ ਕਰ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਲਗਭਗ ਢਾਈ ਕਰੋੜ ਰੁਪਏ ਦੇ 12 ਟਰੱਕ ਬਰਾਮਦ ਕੀਤੇ ਗਏ।
ਪੁਲਿਸ ਵੱਲੋਂ ਵਹੀਕਲ ਚੋਰ ਗਿਰੋਹ ਨੂੰ ਕਾਬੂ ਕਰਕੇ 3 ਗੱਡੀਆਂ, 9 ਮੋਟਰ ਸਾਇਕਲ ਅਤੇ 10 ਮੋਬਾਇਲ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੀਮਤ ਲੱਗਭੱਗ 8 ਲੱਖ ਰੁਪਏ ਤੋਂ ਵੱਧ ਬਣਦੀ ਹੈ। ਲੁੱਟਾਂ ਖੋਹਾਂ, ਭੰਨ ਤੋੜ ਕਰਨ ਅਤੇ ਰੁਪਏ ਖੋਹ ਕੇ ਭੱਜਣ ਸਬੰਧੀ ਕਾਫੀ ਮਾਮਲੇ ਕੁੱਝ ਹੀ ਘੰਟਿਆਂ ਵਿੱਚ ਹੱਲ ਕਰਕੇ ਕਾਰਵਾਈ ਕੀਤੀ ਗਈ।
ਪੁਲਿਸ ਵੱਲੋਂ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ 8 ਲੱਖ ਰੁਪਏ ਮੁੱਲ ਦੇ 6 ਬੁਲਟ ਮੋਟਰਸਾਇਕਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 4 ਲੱਖ 75 ਹਜ਼ਾਰ ਰੁਪਏ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਦੇ 93 ਅਨਟਰੇਸਡ ਮੁਕੱਦਮਿਆਂ ਨੂੰ ਟਰੇਸ ਕਰਕੇ 160 ਲੋਕਾਂ ਨੂੰ ਕਾਬੂ ਕਰਦਿਆਂ 31 ਲੱਖ 60 ਹਜ਼ਾਰ ਰੁਪਏ ਦੇ ਮਾਲ ਦੀ ਬਰਾਮਦਗੀ ਕੀਤੀ ਗਈ । ਕਾਫੀ ਸਮੇਂ ਤੋਂ ਭਗੌੜੇ ਚੱਲੇ ਰਹੇ 30 ਵਿਅਕਤੀਆਂ ਨੂੰ ਕਾਬੂ ਕਰਕੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਜ਼ਿਕਰਯੋਗ ਹੈ ਕਿ ਆਪਣੇ ਦਫਤਰੀ ਕੰਮਾਂਕਾਰਾਂ ਨੂੰ ਨਿਪਟਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਐੱਸਐੱਸਪੀ ਰੋਜ਼ਾਨਾ ਫੀਲਡ ਵਿੱਚ ਜਾ ਕੇ ਹੇਠਲੇ ਪੱਧਰ 'ਤੇ ਖੁਦ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਦੇ ਰਹੇ। ਇਸ ਤੋਂ ਪਹਿਲਾਂ ਕਦੇ ਵੀ ਕੋਈ ਅਜਿਹਾ ਅਧਿਕਾਰੀ ਨਜ਼ਰ ਨਹੀਂ ਆਇਆ ਜੋ ਮਾਨਸਾ ਨੂੰ ਆਪਣੇ ਨਿੱਜੀ ਜ਼ਿਲ੍ਹੇ ਵਾਂਗ ਸਮਝਦਿਆਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਪਹੁੰਚ ਕੇ ਲੋਕਾਂ ਨਾਲ ਨੇੜੇ ਹੋ ਕੇ ਵਿਚਰਦਾ ਹੋਵੇ। ਲਾਂਬਾ ਦੀਆਂ ਇਨ੍ਹਾਂ ਸਿਆਣਪ ਤੇ ਫਰਾਖਦਿਲੀ ਵਾਲੀਆਂ ਸ਼ਾਨਦਾਰ ਸੇਵਾਵਾਂ ਦੀ ਜਿਲ੍ਹੇ ਦੇ ਘਰ ਘਰ ਅੰਦਰ ਚਰਚਾ ਸੁਣੀ ਜਾਂਦੀ ਹੈ।
ਕਰੋਨਾ ਮਹਾਮਾਰੀ ਤੋਂ ਬਚਾਅ ਲਈ ਯਤਨ
ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਐੱਸਐੱਸਪੀ ਖਾਸ ਧਿਆਨ ਦੇ ਰਹੇ ਹਨ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਸੈਂਪਲਿੰਗ, ਵੈਕਸੀਨੇਸ਼ਨ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਜ਼ਿਲ੍ਹੇ 'ਚ ਸੇਵਾਵਾਂ ਨਿਭਾਅ ਰਹੇ 328 ਪੁਲਿਸ ਅਧਿਕਾਰੀ/ਕਰਮਚਾਰੀ ਹੁਣ ਤੱਕ ਕਰੋਨਾ ਪਾਜ਼ੇਟਿਵ ਆਏ ਜਿਨ੍ਹਾਂ 'ਚੋਂ ਇਸ ਸਮੇਂ 71 ਮੁਲਾਜ਼ਮ ਕੋਰੋਨਾ ਐਕਟਿਵ ਹਨ।
ਖੁਸ਼ਕਿਸਮਤੀ ਨਾਲ ਜ਼ਿਲ੍ਹੇ ਅੰਦਰ ਕਿਸੇ ਵੀ ਪੁਲਿਸ ਕਰਮਚਾਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਂਦਿਆਂ ਉਕਤ ਸਮੇਂ ਦੌਰਾਨ 20601 ਚਲਾਨ ਕੱਟੇ ਗਏ ਹਨ। ਜ਼ਿਲ੍ਹਾ ਪੁਲਿਸ ਵੱਲੋਂ ਉਕਤ ਸਮੇਂ ਦੌਰਾਨ 60 ਹਜ਼ਾਰ ਲੋਕਾਂ ਨੂੰ ਮਾਸਕ ਵੰਡੇ ਜਾ ਚੁੱਕੇ ਹਨ, 4 ਹਜ਼ਾਰ ਲੋਕਾਂ ਦੀ ਸੈਂਪਲਿੰਗ ਕਰਵਾਈ ਗਈ ਹੈ, 6 ਹਜ਼ਾਰ ਵਿਅਕਤੀਆਂ ਨੂੰ ਵੈਕਸੀਨ ਲਗਵਾਈ ਗਈ ਹੈ ਅਤੇ ਇਸ ਸਬੰਧੀ ਯਤਨ ਲਗਾਤਾਰ ਜਾਰੀ ਹਨ।
ਚੰਗੀਆਂ ਸੇਵਾਵਾਂ ਦੇਣਾਂ ਸਾਡਾ ਫਰਜ਼ : ਐੱਸਐੱਸਪੀ
ਐੱਸਐੱਸਪੀ ਲਾਂਬਾ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਢੁੱਕਵੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਸਾਡਾ ਫਰਜ਼ ਹੈ। ਜ਼ਿਲ੍ਹੇ 'ਚ ਅਮਨ-ਕਾਨੂੰਨ ਬਰਕਰਾਰ ਰੱਖਣ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕ ਪੁਲਿਸ ਨੂੰ ਸਹਿਯੋਗ ਦੇਣ। ਲੋਕ ਵਿਰੋਧੀ ਸਰਗਰਮੀਆਂ 'ਚ ਲੱਗੇ ਹੋਏ ਲੋਕਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਕੋਰੋਨਾ ਦੀ ਇਸ ਔਖੀ ਘੜੀ ਤੋਂ ਬਚਾਅ ਲਈ ਢੁੱਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਜ਼ਰੂਰਤ ਹੈ।

Post a Comment