ਸਾਂਪਲਾ ਤੇ ਬਾਲੀ ਨੇ ਡੇਰਾ ਸੰਤਪੁਰਾ ਜੱਬੜ ਸਾਹਿਬ ਮਾਣਕੋ ਦੇ ਮੁਖੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦਾ ਚੋਲਾ ਛੱਡਣ ਤੇ ਕੀਤਾ ਅਫਸੋਸ ਦਾ ਪ੍ਰਗਟਾਵਾ
ਜਲੰਧਰ ( ਪਰਵਿੰਦਰ ਕੌਰ ) ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਦੇ ਪਿੰਡ ਮਾਣਕੋ ਸਥਿਤ ਡੇਰਾ ਸੰਤਪੁਰਾ ਜੱਬੜ ਸਾਹਿਬ ਦੇ ਮੁਖੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਬੀਤੇ ਦਿਨੀਂ ਚੋਲਾ ਛੱਡ ਗਏ ਸਨ। ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਸ੍ਰੀ ਵਿਜੈ ਸਾਂਪਲਾ ਅਤੇ ਉਨ੍ਹਾਂ ਨਾਲ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ (ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ) ਭਾਰਤ ਸਰਕਾਰ ਉਨ੍ਹਾਂ ਦਾ ਅਫਸੋਸ ਕਰਨ ਲਈ ਡੇਰੇ ਪੁੱਜੇ। ਜਿੱਥੇ ਉਨ੍ਹਾਂ ਨੇ ਪ੍ਰਮੁੱਖ ਪ੍ਰਬੰਧਕਾਂ ਅਤੇ ਮੁੱਖ ਸੇਵਾਦਾਰਾਂ ਨਾਲ ਮੁਲਾਕਾਤ ਕਰ ਕੇ ਬਾਬਾ ਜੀ ਵਲੋਂ ਚੋਲਾ ਛੱਡਣ ਪ੍ਰਤੀ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਸ੍ਰੀ ਵਿਜੈ ਸਾਂਪਲਾ ਨੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੁਆਰਾ ਕੀਤੇ ਸਮਾਜ ਅਤੇ ਦੇਸ਼ ਪੱਖੀ ਵਿਕਾਸ ਕਾਰਜਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਨੇ ਜੋ ਇਲਾਕੇ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਦੇਣ ਦਿਤੀ ਹੈ ਇਸ ਦਾ ਕੋਈ ਦੇਣ ਨਹੀਂ ਦੇ ਸਕਦਾ। ਸਾਂਪਲਾ ਨੇ ਇਹ ਵੀ ਕਿਹਾ ਕਿ ਸੰਤ ਬਾਬਾ ਦਿਲਾਵਰ ਸਿੰਘ ਜੀ ਦੇ ਵਿਛੋੜੇ ਦਾ ਨਾ ਸਿਰਫ ਇਲਾਕੇ ਨੂੰ ਘਾਟਾ ਪਿਆ ਹੈ ਬਲਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਅਮਿਤ ਸਾਂਪਲਾ, ਜੋਗੀ ਤੱਲ੍ਹਣ, ਅਕਾਸ਼ਦੀਪ ਪੰਚ, ਰਾਹੁਲ ਚਾਹਲ ਪ੍ਰਧਾਨ ਜਲੰਧਰ ਦਿਹਾਤੀ ਭੀਮ ਆਰਮੀ, ਪੰਮਾਂ ਚਾਹਲ, ਬਲਵੀਰ ਲਾਲ ਬੀਰੂ ਆਦਿ ਵੀ ਹਾਜ਼ਰ ਸਨ।

Post a Comment